ਨੌਜੁਆਨ ਬੱਚਾ ਪਰਿਵਾਰ ਤੋਂ ਦੂਰ ਰਹਿਣਾ ਸ਼ੁਰੂ ਕਰ ਦੇਵੇ ਤਾਂ ਇਸ ਵਿਵਹਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਦੀ ਕਰਨੀ ਚਾਹੀਦੀ ਹੈ ਕਾਉਂਸਲਿੰਗ
टाकिंग पंजाब
ਜਲੰਧਰ। ਐਸਐਸਪੀ ਭਾਗੀਰਥ ਸਿੰਘ ਮੀਣਾ ਨੇ ਪਿੰਡ ਖ਼ਾਨਪੁਰ ਵਿਖੇ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਦੀ ਮੁਹਿੰਮ ਤਹਿਤ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਪਰਿਵਾਰ ਦੇ ਨੌਜੁਆਨ ਦੇ ਨਸ਼ਿਆਂ ਵਿੱਚ ਗ੍ਰਸਤ ਹੋਣ ਦੇ ਅਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਇੱਕ ਪਰਿਵਾਰ ਵਿੱਚ ਨੌਜੁਆਨ ਬੱਚਾ ਪਰਿਵਾਰ ਤੋਂ ਦੂਰ ਇਕੱਲਾ ਰਹਿਣਾ ਸ਼ੁਰੂ ਕਰ ਦੇਵੇ ਤਾਂ ਸਾਨੂੰ ਤੁਰੰਤ ਇਸ ਵਿਵਹਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਦੀ ਕਾਉਂਸਲਿੰਗ ਕਰਨੀ ਚਾਹੀਦੀ ਹੈ। ਉਸ ਨੂੰ ਪਰਿਵਾਰ ਚ ਵੱਧ ਤੋਂ ਵੱਧ ਸਮਾਂ ਬਿਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾੜੀ ਸੰਗਤ ਕਿਸੇ ਨੂੰ ਵਿਗਾੜ ਸਕਦੀ ਹੈ ਤਾਂ ਚੰਗੀ ਸੰਗਤ ਉਸ ਨੂੰ ਗਲਤ ਰਾਹ ਤੋਂ ਵਾਪਸ ਸਮਾਜ ਦੀ ਮੁੱਖ ਧਾਰਾ ਵਿੱਚ ਵੀ ਲਿਆ ਸਕਦੀ ਹੈ।
ਖ਼ਾਨਪੁਰ ਵਿਖੇ ਪੰਚਾਇਤੀ ਰਾਜ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਪੁਲਿਸ ਪਬਲਿਕ ਮੀਟਿੰਗ ਦੌਰਾਨ ਨਸ਼ਿਆਂ ਪ੍ਰਤੀ ਖ਼ਬਰਦਾਰ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਤੇ ਚੱਲ ਰਹੀ ਹੈ। ਜੇਕਰ ਲੋਕਾਂ ਦੀ ਨਜ਼ਰ ਵਿੱਚ ਜ਼ਿਲ੍ਹੇ ਵਿੱਚ ਕੋਈ ਵੀ ਨਸ਼ਾ ਤਸਕਰ ਹੈ ਤਾਂ ਉਸ ਸਬੰਧੀ ਜ਼ਿਲ੍ਹਾ ਪੁਲਿਸ ਦੀ ‘ ਐਂਟੀ ਡਰੱਗ ਹੈਲਪਲਾਈਨ’ ਨੰਬਰ 98550-49550 ਤੇ ਸੰਪਰਕ ਕੀਤਾ ਜਾਵੇ। ਇਸ ਨੰਬਰ ਤੇ ਵਟਸ ਐਪ ਨੰਬਰ ਵੀ ਕੀਤਾ ਜਾ ਸਕਦਾ ਹੈ। ਇਸ ਨੰਬਰ ਤੇ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ।
ਕੁਲਜੀਤ ਸਿੰਘ ਸਰਹਾਲ ਸੀਨੀਅਰ ਆਗੂ, ਆਮ ਆਦਮੀ ਪਾਰਟੀ ਬੰਗਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਇਕੋ ਇਕ ਮੁੱਖ ਏਜੰਡਾ ਪੰਜਾਬ ਵਿੱਚ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਕੇ ਸੂਬੇ ਵਿੱਚ ਅਮਨ-ਸ਼ਾਂਤੀ ਬਰਕਰਾਰ ਰੱਖਣ ਦੇ ਨਾਲ-ਨਾਲ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਉਣਾ ਹੈ ਅਤੇ ਇਸ ਲਈ ਸਰਕਾਰ ਹਰ ਕਦਮ ਬੜੀ ਮੁਸਤੈਦੀ ਨਾਲ ਚੁੱਕਦੀ ਹੋਈ ਅੱਗੇ ਵਧ ਰਹੀ ਹੈ
ਇਸ ਮੌਕੇ ਕਲੱਬ ਦੇ ਵਾਈਸ ਚੇਅਰਮੈਨ ਇੰਜ : ਨਰਿੰਦਰ ਬੰਗਾ (ਦੂਰਦਰਸ਼ਨ) ਨੇ ਕਿਹਾ ਕਿ ਸਾਡੇ ਗੁਰੂਆਂ-ਭਗਤਾਂ ਪੀਰਾਂ-ਪੈਗੰਬਰਾਂ ਨੇ ਸਾਨੂੰ ਦੁਨਿਆਵੀ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਿਆਂ ਆਪਣੇ ਜੀਵਨ ਨੂੰ ਨਾਮ ਦੇ ਨਸ਼ੇ ਵਿੱਚ ਰੰਗਣ ਲਈ ਪ੍ਰੇਰਤ ਕੀਤਾ, ਪਰ ਸਾਡੇ ਸਮਾਜ ਨੂੰ ਵਿਰੋਧੀ ਤਾਕਤਾਂ ਗੁਰੂਆਂ-ਪੀਰਾਂ ਦੀਆਂ ਸਿਖਿਆਵਾਂ ਤੋਂ ਦੂਰ ਕਰਕੇ ਦੁਨਿਆਵੀ ਨਸ਼ਿਆਂ ਦੀ ਦਲ ਦਲ ਵਿੱਚ ਫਸਾ ਕੇ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਰਹੀਆਂ ਹਨ, ਜਿਸ ਨੂੰ ਰੋਕਣ ਲਈ ਸਮੁੱਚੇ ਵਰਗਾਂ ਦੀ ਆਪਸੀ ਸਾਂਝ ਦੀ ਵੱਡੀ ਲੋੜ ਹੈ।
ਇਸ ਮੌਕੇ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਸਪੋਰਟਸ ਕਲੱਬ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਅਸੀਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਵਾਂਗੇ। ਇਸ ਮੌਕੇ ਸਬ ਡਵੀਜ਼ਨ ਬੰਗਾ ਦੇ ਡੀ ਐਸ ਪੀ ਸਰਵਣ ਸਿੰਘ ਬੱਲ, ਮਹਿੰਦਰ ਸਿੰਘ ਐੱਸ ਐੱਚ ਓ ਬੰਗਾ, ਗਾਇਕ ਰਾਜਾ ਸਾਵਰੀ ਤੇ ਪੰਜਾਬੀ ਗਾਇਕ ਬੂਟਾ ਮੁਹੰਮਦ,ਸਰਪੰਚ ਤੀਰਥ ਰੱਤੂ ਨੇ ਵੀ ਸੰਬੋਧਨ ਕੀਤਾ l