ਪੰਜਾਬ ਦੀਆਂ ਹੱਦਾਂ ਉਲੰਘ ਕੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਸਥਾਪਿਤ ਕਰ ਰਹੀ ਹੈ ਸਾਡੀ ਮਾਤ-ਭਾਸ਼ਾ ਪੰਜਾਬੀ – ਪ੍ਰਿੰਸੀਪਲ ਡਾ. ਸਮਰਾ
टाकिंग पंजाब
ਜਲੰਧਰ । ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਦੇ ਪੰਜਾਬੀ ਭਾਸ਼ਾ ਵਿਕਾਸ ਕੇਂਦਰ ਵਲੋਂ ‘ਪੰਜਾਬੀ ਭਾਸ਼ਾ ਦਾ ਮੁੱਢ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਲਈ ਸ. ਨਾਜਰ ਸਿੰਘ ਮੁਖ ਬੁਲਾਰੇ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਤੇ ਡਾ. ਸੁਰਿੰਦਰਪਾਲ ਮੰਡ ਮੁਖੀ ਪੰਜਾਬੀ ਵਿਭਾਗ ਨੇ ਫੁੱਲਾਂ ਦੇ ਗ਼ੁਲਦਸਤੇ ਨਾਲ ਵਕਤਾ ਨੂੰ ਜ ਆਇਆ ਕਿਹਾ। ਪ੍ਰਿੰਸੀਪਲ ਡਾ. ਸਮਰਾ ਨੇ ਸਵਾਗਤੀ ਸ਼ਬਦਾਂ ‘ਚ ਬੋਲਦਿਆਂ ਕਿਹਾ ਕਿ ਬੇਸ਼ਕ ਅੱਜ ਸਾਡੀ ਮਾਤ-ਭਾਸ਼ਾ ਪੰਜਾਬੀ, ਪੰਜਾਬ ਦੀਆਂ ਹੱਦਾਂ ਉਲੰਘ ਕੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਸਥਾਪਿਤ ਕਰ ਰਹੀ ਹੈ, ਉਥੇ ਨਾਲ ਹੀ ਇਸ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸ. ਨਾਜਰ ਸਿੰਘ ਨੇ ਆਪਣੇ ਭਾਸ਼ਣ ਵਿਚ ਪੰਜਾਬੀ ਭਾਸ਼ਾ ਦੇ ਮੁੱਢ ਬਾਰੇ ਬਹੁਤ ਮੁੱਲਵਾਨ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਰੂਪ ਬਹੁਤ ਪੁਰਾਣਾ ਹੈ ਅਤੇ ਇਸਦਾ ਸੰਬੰਧ ਸੰਸਕ੍ਰਿਤ ਨਾਲ ਏਨਾ ਗੂੜ੍ਹਾ ਨਹੀਂ ਜਿਨਾ ਕਿ ਪ੍ਰਚਾਰਿਆ ਜਾ ਰਿਹਾ ਹੈ। ਉਹਨਾਂ ਨੇ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਦੀ ਪ੍ਰਚੀਨਤਾ ਬਾਰੇ ਬਹੁਤ ਦਲੀਲਾਂ ਸਹਿਤ ਵਿਚਾਰ ਪੇਸ਼ ਕੀਤੇ।
ਇਸ ਮੌਕੇ ਕੇਂਦਰ ਦੇ ਕੋਆਰਡੀਨੋਟਰ ਡਾ. ਸੁਖਦੇਵ ਸਿੰਘ ਨਾਗਰਾ ਨੇ ਕਿਹਾ ਕਿ ਅਜਿਹੇ ਲੈਕਚਰ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਮਾਤਭਾਸ਼ਾ ਨਾਲ ਜੋੜਨਾ ਹੈ ਤਾਂ ਕਿ ਇਸ ਭਾਸ਼ਾ ਦੇ ਵਿਕਾਸ ਦੇ ਨਾਲ ਨਾਲ ਉਹਨਾਂ ਵਿਚ ਸਾਹਿਤਕ ਰੁਚੀ ਪੈਦਾ ਕੀਤੀ ਜਾ ਸਕੇ। ਅਖੀਰ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਿੰਦਰਪਾਲ ਮੰਡ ਨੇ ਇਸ ਗਿਆਨ-ਵਰਧਕ ਭਾਸ਼ਣ ਲਈ ਸ. ਨਾਜਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਹਰਜਿੰਦਰ ਸਿੰਘ ਸੇਖੋਂ, ਪ੍ਰੋ. ਕੁਲਦੀਪ ਸੋਢੀ, ਪ੍ਰੋ. ਪ੍ਰੀਤੀ, ਪ੍ਰੋ. ਸਤਪਾਲ ਸਿੰਘ, ਸ. ਚੇਤਨ ਸਿੰਘ (ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ) ਤੋਂ ਇਲਾਵਾ ਵੱਖ ਵੱਖ ਕਲਾਸਾਂ ਦੇ ਵਿਦਿਆਰਥੀ ਹਾਜ਼ਰ ਸਨ।