ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ ਅਤੇ ਕੀਤਾ ਸਨਮਾਨਿਤ
टाकिंग पंजाब
ਜਲੰਧਰ। ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਆਪਣੀ ਇਸੇ ਲੜੀ ਵਿੱਚ ਪੰਜਾਬ ਖੇਡ ਮੇਲੇ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦੇ ਨਾਂ ਰੁਸ਼ਨਾਉਂਦੇ ਹੋਏ ਟੈਨਿਸ ਦੀ ਟਰਾਫੀ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਉਨਾਂ ਕਿਹਾ ਕਿ ਅਜਿਹੀਆਂ ਜਿੱਤਾਂ ਖਿਡਾਰੀਆਂ ਦੇ ਮਨੋਬਲ ਨੂੰ ਵਧਾਉਂਦੀਆਂ ਹਨ ਅਤੇ ਉਹਨਾਂ ਵਿਚ ਖੇਡ ਭਾਵਨਾ ਪੈਦਾ ਕਰਦੀਆਂ ਹਨ।
ਇਸ ਸਮੇਂ ਉਹਨਾਂ ਨੇ ਕਾਲਜ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਹਿੱਤ ਮੈਨੇਜਮੈਂਟ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਦਕਾ ਹੀ ਵਿਦਿਆਰਥੀ ਜਿੱਤਾਂ ਪ੍ਰਾਪਤ ਕਰਦੇ ਹਨ ਅਤੇ ਕਾਲਜ ਦਾ ਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਚਮਕਾਉੰਦੇ ਹਨ। ਟੈਨਿਸ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਕਾਲਜ ਦਾ ਵਿਦਿਆਰਥੀ ਸੁਖਦੀਪ ਸਿੰਘ ਜੋ ਕਿ ਕਾਲਜ ਦੀ ਟੈਨਿਸ ਟੀਮ ਦਾ ਕਪਤਾਨ ਵੀ ਹੈ ਨੇ 2018 ਤੋਂ 2020 ਤੱਕ ਲਗਾਤਾਰ ਤਿੰਨ ਸਾਲ ਆਲ-ਇੰਡੀਆ ਅੰਤਰ-ਯੂਨੀਵਰਸਿਟੀ ਵਿਚ ਹਿੱਸਾ ਲਿਆ।
ਉਸਨੇ 2019 ਅਤੇ 2021 ਵਿਚ ਅੰਤਰ-ਕਾਲਜ ਮੁਕਾਬਿਲਆਂ ਵਿਚ ਦੂਜਾ ਸਥਾਨ ਹਾਸਲ ਕੀਤਾ ਅਤੇ ਉੱਤਰੀ ਜ਼ੋਨ ਮੁਕਾਬਲਿਆਂ ਵਿਚ ਵੀ ਤੀਜਾ ਸਥਾਨ ਹਾਸਲ ਕੀਤਾ। ਸੁਖਦੀਪ ਸਿੰਘ ਨੇ ਪੰਜਾਬ ਟੀਮ ਦੀ ਪ੍ਰਤੀਨਿਧਤਾ ਕਰਦਿਆਂ 2020 ਵਿਚ ਖੇਲੋ ਇੰਡੀਆ ਮੁਕਾਬਲੇ ਵਿਚ ਹਿੱਸਾ ਲਿਆ। ਉਨਾਂ ਦਸਿਆ ਕਿ ਗੁਰਕੀਰਤ ਸਿੰਘ ਨੇ ਵੀ 2018 ਤੋਂ 2020 ਤੱਕ ਆਲ ਇੰਡੀਆ ਅੰਤਰ-ਯੂਨੀਵਰਸਿਟੀ ਵਿਚ ਹਿੱਸਾ ਲਿਆ। ਉਸਨੇ 2019 ਅਤੇ 2021 ਵਿਚ ਉੱਤਰੀ ਜ਼ੋਨ ਮੁਕਾਬਲਿਆਂ ਵਿਚ ਤੀਜਾ ਸਥਾਨ ਅਤੇ ਅੰਤਰ ਕਾਲਜ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ।
ਉਸਨੇ ਖੇਲੋ ਇੰਡੀਆ ਮੁਕਾਬਲੇ ਵਿਚ ਹਿੱਸਾ ਲੈਂਦਿਆਂ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕੀਤੀ ਅਤੇ ਸਿਲਵਰ ਮੈਡਲ (ਡਬਲ ਗੋਲਡ) ਜਿੱਤਿਆ। ਉਨਾਂ ਦਸਿਆ ਕਿ ਸਾਡੇ ਵਿਦਿਆਰਥੀ ਪਾਰਵਦੇਵ ਗਰਗ ਨੇ ਵੀ 2018 ਤੋਂ 2020 ਤੱਕ ਆਲ ਇੰਡੀਆ ਅੰਤਰ-ਯੂਨੀਵਰਸਿਟੀ ਵਿਚ ਹਿੱਸਾ ਲਿਆ ਅਤੇ ਤਿੰਨੇ ਸਾਲ ਉੱਤਰੀ ਜ਼ੋਨ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਹ 2021 ਵਿਚ ਅੰਤਰ-ਕਾਲਜ ਚੈਂਪੀਅਨ ਵੀ ਰਿਹਾ।
ਉਸਨੇ 2020 ਵਿਚ ਖੇਲੋ ਇੰਡੀਆ ਮੁਕਾਬਲੇ ਵਿਚ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਸਿਲਵਰ ਮੈਡਲ ਜਿੱਤਿਆ ਅਤੇ ਖੇਡ ਮੇਲੇ ਵਿਚ ਸਿੰਗਲ ਅਤੇ ਡਬਲ ਸੋਨ ਤਮਗਾ ਜਿੱਤਿਆ। ਪ੍ਰਿੰਸੀਪਲ ਡਾ. ਸਮਰਾ ਨੇ ਡਾ. ਐਸ.ਐਸ. ਬੈੰਸ ਡੀਨ ਸਪੋਰਟਸ ਅਤੇ ਟੈਨਿਸ ਕੋਚ ਨਿਰਮਲ ਸਿੰਘ ਤੂਰ ਨੂੰ ਵੀ ਕਾਲਜ ਦੀ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਅਤੇ ਕਾਲਜ ਦੇ ਖੇਡ ਵਿਭਾਗ ਲਈ ਇਹ ਮਾਣਮੱਤੀ ਪ੍ਰਾਪਤੀ ਦੱਸਦਿਆਂ ਅੱਗੇ ਤੋਂ ਵੀ ਇਹ ਪਿਰਤ ਜਾਰੀ ਰੱਖਣ ਲਈ ਕਿਹਾ। ਇਸ ਮੌਕੇ ਕਾਲਜ ਖੇਡ ਵਿਭਾਗ ਦਾ ਸਮੁੱਚਾ ਸਟਾਫ, ਵਿਦਿਆਰਥੀ ਅਤੇ ਕੋਚ ਸਹਿਬਾਨ ਹਾਜ਼ਰ ਸਨ।