Skip to content
ਮੈਨੇਜਮੈਂਟ ਵੱਲੋਂ ਸਕੂਲ ਦੀ ਪ੍ਰਿੰਸੀਪਲ ਨੂੰ ਕੀਤਾ ਫਾਰਗ.. ਪ੍ਰਿੰਸੀਪਲ ਵੱਲੋਂ ਲੁਹਾਏ ਹੋਏ ਕੜੇ ਬੱਚਿਆਂ ਨੂੰ ਖੁਦ ਪਵਾਏ.. ਸਾਰੀ ਮੈਨੇਜਮੈਂਟ ਨੇ ਸਮੁੱਚੇ ਸਿੱਖ ਜਗਤ ਤੋਂ ਮੰਗੀ ਮਾਫੀ
टाकिंग पंजाब
ਜਲੰਧਰ। ਜਲੰਧਰ ਅੰਮ੍ਰਿਤਸਰ ਰੋਡ ਤੇ ਸਥਿਤ ਸੀਜੀਐਸ ਪਬਲਿਕ ਸਕੂਲ ਵੱਲੋਂ ਸਕੂਲੀ ਬੱਚਿਆਂ ਦੇ ਨਾਮ ਤੇ ਇੱਕ ਲਿਖਤੀ ਫਰਮਾਨ ਜਾਰੀ ਕੀਤਾ, ਜਿਸ ਵਿੱਚ ਬੱਚਿਆਂ ਨੂੰ ਸਕੂਲ ਅੰਦਰ ਕੜੇ ਨਾ ਪਾ ਕੇ ਆਉਣ ਬਾਰੇ ਕਿਹਾ ਗਿਆ ਸੀ। ਜਦ ਇਸ ਫੁਰਮਾਨ ਦਾ ਸਿੱਖ ਤਾਲਮੇਲ ਕਮੇਟੀ ਨੂੰ ਪਤਾ ਲੱਗਾ ਤਾਂ ਉਸਦੇ ਮੈਂਬਰ ਤੁਰੰਤ ਸੀਜੀਐਸ ਪਬਲਿਕ ਸਕੂਲ ਪਹੁੰਚੇ। ਜਦੋਂ ਸਾਰੇ ਮੈਂਬਰਾਂ ਨੇ ਸਕੂਲ ਜਾ ਕੇ ਬੱਚਿਆਂ ਨਾਲ ਗੱਲਬਾਤ ਕੀਤੀ, ਤਾਂ ਬੱਚਿਆਂ ਨੇ ਦੱਸਿਆ ਕਿ ਸਕੂਲ ਵਿੱਚ ਕੜਾ ਪਾਕੇ ਆਉਣ ਤੇ 500 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਂਦਾ ਹੈ। ਮੈਂਬਰਾਂ ਨੂੰ ਬੱਚਿਆਂ ਨੇ ਦੱਸਿਆ ਕਿ ਮੈਨੇਜਮੈਂਟ ਨੇ ਇੱਕ ਵੱਡਾ ਸਾਰਾ ਬੋਰਡ ਬਣਾਇਆ ਹੈ, ਜਿੱਥੇ ਬੱਚਿਆਂ ਦੇ ਕੜੇ ਲਵਾਕੇ ਟੰਗੇ ਜਾਂਦੇ ਹਨ। ਸਿੱਖ ਤਾਲਮੇਲ ਕਮੇਟੀ ਵੱਲੋਂ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਸੁਰਜੀਤ ਸਿੰਘ ਏਐਸਆਈ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ।ਸਕੂਲ ਮੈਨੇਜਮੈਂਟ ਦੇ ਲਲਿਤ ਮਿੱਤਲ ਵੀ ਮੌਕੇ ਤੇ ਪਹੁੰਚ ਗਏ। ਕਮੇਟੀ ਮੈਂਬਰਾਂ ਵੱਲੋਂ ਸਾਰਾ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਲਿਆਂਦਾ, ਜਿਸ ਤੇ ਉਹਨਾਂ ਨੇ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਸਮੁੱਚੇ ਸਿੱਖ ਜਗਤ ਤੋਂ ਮੁਆਫੀ ਮੰਗੀ ਅਤੇ ਅੱਗੋਂ ਤੋਂ ਸਿੱਖ ਭਾਵਨਾਵਾਂ ਦਾ ਪੂਰਾ ਆਦਰ ਕਰਨ ਦਾ ਭਰੋਸਾ ਦਿੱਤਾ। ਸਕੂਲ ਦੀ ਪ੍ਰਿੰਸੀਪਲ ਡਾ. ਰਵੀ ਸੁਤਾ ਨੇ ਆਪਣੀ ਗਲਤੀ ਲਈ ਹੱਥ ਜੋੜ ਕੇ ਮੁਆਫੀ ਮੰਗੀ ਅਤੇ ਰਹਿੰਦੀ ਜ਼ਿੰਦਗੀ ਵਿੱਚ ਕਦੇ ਵੀ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਦਵਾਇਆ। ਮੈਨੇਜਮੈਂਟ ਦੇ ਸਕੱਤਰ ਲਲਿਤ ਮਿੱਤਲ ਨੇ ਤੁਰੰਤ ਪ੍ਰਿੰਸੀਪਲ ਦਾ ਅਸਤੀਫਾ ਲੈ ਕੇ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ। ਸਿੱਖ ਤਾਲਮੇਲ ਕਮੇਟੀ ਨਾਲ ਗਲਤ ਵਿਵਹਾਰ ਕਰਨ ਵਾਲੇ ਕਲਰਕ ਨੂੰ ਵੀ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਇਸ ਮੌਕੇ ਤੇ ਜਿਹੜੇ ਬੱਚਿਆਂ ਦੇ ਕੜੇ ਲਵਾ ਕੇ ਰੱਖੇ ਹੋਏ ਸਨ, ਉਹਨਾਂ ਨੂੰ ਖੁਦ ਪ੍ਰਿੰਸੀਪਲ ਨੇ ਉਹਨਾਂ ਤੇ ਹੱਥਾਂ ਵਿੱਚ ਪਵਾ ਕੇ ਮੁਆਫੀ ਮੰਗੀ ਤੇ ਗਲਤੀ ਦਾ ਪਛਤਾਵਾ ਕੀਤਾ। ਸਾਰੇ ਬੱਚਿਆਂ ਨੇ ਸਿੱਖ ਤਾਲਮੇਲ ਕਮੇਟੀ ਦਾ ਧੰਨਵਾਦ ਕੀਤਾ ਅਤੇ ਜੈਕਾਰੇ ਬੁਲਾ ਕੇ ਖੁਸ਼ੀ ਮਨਾਈ। ਮੈਂਬਰਾਂ ਵਿੱਚ ਹਰਪਾਲ ਸਿੰਘ ਚੱਡਾ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਸਤਪਾਲ ਸਿੰਘ ਸਿੱਧਕੀ, ਹਰਜੋਤ ਸਿੰਘ ਲੱਕੀ, ਭਾਈ ਕਰਮਜੀਤ ਸਿੰਘ ਨੂਰ, ਵਿੱਕੀ ਸਿੰਘ ਖਾਲਸਾ ਤੇ ਗੁਰਦੀਪ ਸਿੰਘ ਕਾਲੀਆ ਕਲੋਨੀ, ਜਤਿੰਦਰ ਸਿੰਘ ਕੋਹਲੀ, ਅਰਵਿੰਦਰ ਪਾਲ ਸਿੰਘ ਬੱਬਲੂ, ਗੁਰਮੀਤ ਸਿੰਘ ਹਨੀ, ਸਰਦੂਲ ਸਿੰਘ ਹਨੀ ਆਦਿ ਮੌਜੂਦ ਸਨ।
Website Design and Developed by OJSS IT Consultancy, +91 7889260252,www.ojssindia.in